ਰਾਜਾ ਹੀਰਾ ਸਿੰਘ ਡੋਗਰਾ ਨੇ ਆਪਣੀਆਂ ਫੌਜਾਂ ਦੇ ਹੱਥੋਂ ਕੱਤਲ ਕਰਵਾ ਦਿੱਤਾ ਖ਼ਾਲਸਾ ਰਾਜ ਦੇ ਸਮੇਂ ਦੀ ਮਹਾਨ ਸਿੱਖ ਸਖਸ਼ੀਅਤ, ਸੰਤ ਬਿਰਤੀ ਵਾਲੇ ਨੌਰੰਗਾਬਾਦ ਦੇ ਬਾਬਾ ਬੀਰ ਸਿੰਘ ਜੀ ਨੂੰ ਖਾਲਸਾ ਰਾਜ ਦੇ ਗੱਦਾਰ, ਰਾਜਾ ਹੀਰਾ ਸਿੰਘ ਡੋਗਰਾ ਨੇ ਆਪਣੀਆਂ ਫੌਜਾਂ ਦੇ ਹੱਥੋਂ, 7 ਮਈ 1844 ਵਾਲੇ ਦਿਨ ਕੱਤਲ ਕਰਵਾ ਦਿੱਤਾ।
ਬਾਬਾ ਬੀਰ ਸਿੰਘ ਜੀ ਦਾ ਜਨਮ ਸੌਣ ਸੁਧੀ 3 ਸੰਮਤ 1815 ਨੂੰ ਭਾਵ 9 ਜੁਲਾਈ 1768 ਵਾਲੇ ਦਿਨ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਲਾਗੇ ਤਰਨ ਤਾਰਨ ਤੋਂ ਤਕਰੀਬਨ 8 ਕੋਹਾਂ ਦੀ ਵਿੱਥ ਤੇ,ਵਿੱਗੁਗੋਬੂਹਾ ਵਿਖੇ ਪਿਤਾ ਸਰਦਾਰ ਸੇਵਾ ਸਿੰਘ ਅਤੇ ਮਾਤਾ ਬੀਬੀ ਧਰਮ ਕੌਰ ਦੇ ਗ੍ਰਹਿ ਵਿਖੇ ਹੋਇਆ। ਬਾਬਾ ਬੀਰ ਸਿੰਘ ਜੀ ਦੇ ਪਿਤਾ ਸਰਦਾਰ ਸੇਵਾ ਸਿੰਘ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਫੌਜੀ ਪਲਟਨ ਵਿੱਚ ਸੇਵਾਰਤ ਸਨ। ਮੁਲਤਾਨ ਦੀ ਪਹਿਲੀ ਜੰਗ ਵਿੱਚ ਸਰਦਾਰ ਸੇਵਾ ਸਿੰਘ ਸ਼ਹੀਦ ਹੋ ਗਏ ਸਨ। ਜਰਨੈਲ ਸਰਦਾਰ ਸ਼ਾਮ ਸਿੰਘ ਜੀ ਅਟਾਰੀਵਾਲੇ ਨੇ ਬਾਬਾ ਬੀਰ ਸਿੰਘ ਜੀ ਨੂੰ ਉਹਨਾ ਦੇ ਪਿਤਾ ਦੀ ਥਾਂ ਤੇ ਫੋਜ ਵਿੱਚ ਭਰਤੀ ਕਰ ਲਿਆ, ਬਾਬਾ ਜੀ ਪਲਟਨ ਵਿੱਚ ਵੀ ਗੁਰਬਾਣੀ ਦਾ ਪਾਠ ਅਤੇ ਵਾਹਿਗੁਰੂ ਨਾਮ ਦਾ ਜਾਪ ਕਰਦੇ ਰਹਿੰਦੇ ਸਨ। ਉਨ੍ਹਾ ਦੀ ਸੰਤ ਬਿਰਤੀ ਕਰਕੇ ਸਾਰੀ ਪਲਟਨ ਵਿੱਚ ਉਹਨਾ ਦੀ ਸਖਸ਼ੀਅਤ ਦਾ ਸਤਿਕਾਰ ਹੋਣਾ ਇਸ ਗਲ ਦਾ ਸਬੂਤ ਹੈ। ਪਰ ਬਾਬਾ ਬੀਰ ਸਿੰਘ ਜੀ ਦਾ ਮਨ ਫੌਜ ਵਿੱਚ ਨਹੀਂ ਸੀ ਲਗਦਾ ਇਸ ਕਰਕੇ ਉਨ੍ਹਾਂ ਨੇ ਫੌਜ ਦੀ ਨੋਕਰੀ ਤੋਂ ਆਪਣਾ ਨਾਂ ਕਟਾਉਣ ਲਈ ਦਰਖਾਸਤ ਦੇ ਦਿੱਤੀ। ਬਾਬਾ ਬੀਰ ਸਿੰਘ ਨੂੰ ‘ਕਉਰੀ’ ਦੀ ਇਕ ਮਹਾਨ ਸਿੱਖ ਸਖਸ਼ੀਅਤ ਬਾਬਾ ਭਾਗ ਸਿੰਘ ਅਤੇ ‘ਉਨੀ’ ਦੀ ਇਕ ਸਿੱਖ ਸਖਸ਼ੀਅਤ ਬਾਬਾ ਸਾਹਿਬ ਸਿੰਘ ਜੀ ਦੀ ਸੰਗਤ ਵਿੱਚ ਰਹਿਣ ਦਾ ਸੁਭਾਗ ਪ੍ਰਾਪਤ ਹੋਇਆ ਸੀ ਅਤੇ ਇਨ੍ਹਾਂ ਦੋਨਾਂ ਸਿੱਖ ਸਖਸ਼ੀਅਤਾਂ ਦੀ ਰੂਹਾਨੀ ਬਿਰਤੀ ਤੋਂ ਆਪ ਇਤਨੇ ਪ੍ਰਭਾਵਿਤ ਹੋਏ ਕਿ ਆਪ ਨੇ ਆਪਣਾ ਸਾਰਾ ਜੀਵਨ ਹੀ ਸਿੱਖ ਸਾਂਚੇ ਵਿੱਚ ਢਾਲ ਦਿੱਤਾ।ਆਪ ਲਗਾਤਾਰ ਵਾਹਿਗੁਰੂ ਜੀ ਨਾਂ ਦਾ ਜਾਪ ਜਪਦਿਆਂ ਹੀ ਵੇਖੇ ਜਾਂਦੇ ਸੋ।ਇਹ ਸਮਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਦਾ ਸਮਾਂ ਸੀ।ਆਪ ਨੂੰ ਉਸ ਸਮੇਂ ਦੇ ਦੌਰਾਨ ਸਭ ਤੋਂ ਪ੍ਰਭਾਵਸ਼ਾਲੀ ਸੰਤ ਸਿੱਖ ਸਖਸ਼ੀਅਤ ਵਜੋਂ ਜਾਣਿਆ ਜਾਣ ਲੱਗ ਪਿਆ ਸੀ।
ਨੌਰੰਗਾਬਾਦ ਵਿੱਖੇ ਰਹਿੰਦੇ ਸਰਦਾਰ ਦਸੋਂਧਾ ਸਿੰਘ, ਬਾਬਾ ਬੀਰ ਸਿੰਘ ਜੀ ਦੀ ਪ੍ਰਭਾਵਸ਼ਾਲੀ ਸਖਸ਼ੀਅਤ ਤੋਂ, ਉਨ੍ਹਾਂ ਦੇ ਸਿੱਖੀ ਪੱਖੋਂ ਸਮਰਪਣ ਤੋਂ, ਪਿਆਰ,ਨਮਰਤਾ ਅਤੇ ਸੇਵਾ ਤੋਂ ਇਤਨੇ ਪ੍ਰਭਾਵਤ ਹੋਏ ਕਿ, ਉਨ੍ਹਾਂ ਨੂੰ ਆਪਣੇ ਪਿੰਡ ਨੌਰੰਗਾਬਾਦ ਲੈ ਆਏ, ਜਿੱਥੇ ਨਾਮ ਸਿਮਰਨ ਦੇ ਲਈ ਬਕਾਇਦਾ ਇਕ ਸੰਸਥਾ ਸਥਾਪਿਤ ਕੀਤੀ ਗਈ।ਇਥੇ ਆਪ ਨੇ ਇਲਾਕਾ ਨਿਵਾਸਿਆਂ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਸੰਤਪੁਰਾ ਸਾਹਿਬ ਦੀ ਸਥਾਪਨਾ ਕੀਤੀ। ਸਿੱਖ ਪ੍ਰੰਪਰਾ ਅਨੁਸਾਰ ਇੱਥੇ ਹਰ ਸਮੇਂ ਗੁਰੂ ਦਾ ਅਤੁੱਟ ਲੰਗਰ ਚੱਲਦਾ। ਬਾਬਾ ਬੀਰ ਸਿੰਘ ਜੀ ਦੀ ਮੁਬਾਰਕ ਸਖਸ਼ੀਅਤ ਤੋ ਪ੍ਰਭਾਵਿਤ ਹੋ ਕਿ 1500 ਦੇ ਕਰੀਬਨ ਬੰਦੂਕਧਾਰੀ ਅਤੇ 3000 ਘੋੜ ਸਵਾਰ ਆਪ ਜੀ ਦੇ ਡੇਰੇ ਦੀ ਰੱਖਿਆ ਹਿਤ ਡੇਰੇ ਵਿੱਚ ਸ਼ਾਮਲ ਹੋ ਗਏ। 27 ਜੂਨ 1839, ਵਾਲੇ ਦਿਨ ਮਹਾਰਾਜਾ ਰਣਜੀਤ ਸਿੰਘ ਦੇ ਦਿਹਾਂਤ ਤੋ ਬਾਅਦ, ਡੋਗਰਿਆਂ ਨੇ ਜੇਹੜੀ ਗ਼ਦਾਰੀ ਦੀ ਲਹਿਰ ਚਲਾ ਕੇ ਖਾਨਾਜੰਗੀ ਦੀ ਤੀਲੀ ਲਾਈ ਉਸ ਉੱਤੇ ਪਾਣੀ ਪਾ ਕੇ ਉਸਨੂੰ ਬੁਝਾਉਣ ਦੇ ਲਈ ਬਾਬਾ ਜੀ ਨੇ ਜਿਹੜੇ ਜਤਨ ਕੀਤੇ ਉਹ ਗ਼ਦਾਰ ਡੋਗਰਿਆਂ ਨੂੰ ਨਾਗਵਾਰ ਸਨ। ਬਾਬਾ ਬੀਰ ਸਿੰਘ ਜੀ ਉਸ ਵੇਲੇ, ਜਦੋਂ ਸਿੱਖ ਰਾਜ ਵਿੱਚ ਭਰਾ ਮਾਰੂ ਜੰਗ ਦਾ ਮਾਹੋਲ ਬਣ ਗਿਆ ਸੀ ਤਾਂ ਇਸ ਨੂੰ ਦੇਖ ਕੇ ਦੁਖੀ ਹੋ ਗਏ ਸਨ। 1844 ਸਾਲ ਦੇ ਮਈ ਮਹੀਨੇ, ਵਿੱਚ,ਡੋਗਰਿਆਂ ਦੀ ਗ਼ਦਾਰੀ ਅਤੇ ਭਰਾ ਮਾਰੂ ਖਾਨਾਜੰਗੀ ਤੋਂ ਦੁੱਖੀ ਹੋ ਕੇ ਸਰਦਾਰ ਅਤਰ ਸਿੰਘ ਜੀ ਸੰਧਾਵਾਲੀਆ, ਸ਼ਹੀਦ ਸਰਦਾਰ ਹਰੀ ਸਿੰਘ ਜੀ ਨਲਵਾ ਦੇ ਬੇਟੇ ਸਰਦਾਰ ਜਵਾਹਰ ਸਿੰਘ ਜੀ ਨਲਵਾ, ਦੀਵਾਨ ਵਿਸਾਖਾ ਸਿੰਘ ਜੀ, ਸਰਦਾਰ ਕਸ਼ਮੀਰਾ ਸਿੰਘ ਜੀ ਅਤੇ ਕੁੰਵਰ ਪਿਸ਼ੋਰਾ ਸਿੰਘ ਆਪੋ ਆਪਣੀਆਂ ਫੋਜਾਂ ਸਮੇਤ, ਬਾਗੀ ਹੋ ਕੇ ਬਾਬਾ ਬੀਰ ਸਿੰਘ ਜੀ ਦੇ ਕੋਲ ਉਨ੍ਹਾਂ ਦੇ ਡੇਰੇ ਵਿੱਚ ਆ ਗਏ।
ਗ਼ਦਾਰ ਡੋਗਰੇ ਇਹ ਖਬਰ ਸੁਣ ਕੇ ਤੜਫ ਉਠੇ ਕਿਉਂਕਿ ਉਹ ਜਾਣਦੇ ਸਨ ਕੇ ਸਿੱਖ ਸੰਗਤਾਂ ਵਿੱਚ ਬਾਬਾ ਜੀ ਦਾ ਕਿਤਨਾ ਸਤਿਕਾਰ ਹੈ, ਅਤੇ ਇਸ ਤੋਂ ਇਲਾਵਾ ਬਾਬਾ ਬੀਰ ਸਿੰਘ ਜੀ ਪਾਸ ਆਪਣੀਆਂ ਕਿੰਨੀਆਂ, ਤਿਆਰ ਬਰ ਤਿਆਰ ਫੌਜਾਂ ਹਨ, ਜੋ ਬਾਬਾ ਜੀ ਦੇ ਇੱਕ ਇਸ਼ਾਰੇ ਤੇ ਕੁੱਝ ਵੀ ਕਰ ਸਕਦੀਆਂ ਹਨ ਅਤੇ ਹੁਣ ਸਰਦਾਰ ਅਤਰ ਸਿੰਘ ਜੀ ਸੰਧਾਵਾਲੀਆ, ਸਰਦਾਰ ਜਵਾਹਰ ਸਿੰਘ ਨਲਵਾ, ਦੀਵਾਨ ਵਿਸਾਖਾ ਸਿੰਘ ਜੀ, ਸਰਦਾਰ ਕਸ਼ਮੀਰਾ ਸਿੰਘ ਜੀ ਅਤੇ ਕੁੰਵਰ ਪਿਸ਼ੋਰਾ ਸਿੰਘ ਦੀਆਂ ਫੌਜਾਂ ਵੀ ਉੱਥੇ ਇੱਕਠੀਆਂ ਹੋ ਗਈਆਂ ਹਨ। ਇੰਜ ਗ਼ਦਾਰ ਡੋਗਰਿਆਂ ਨੇ ਹੋਰ ਵੀ ਖਤਰਾ ਮਹਿਸੂਸ ਕੀਤਾ ਅਤੇ ਇਸਦਾ ਉਪਾਅ ਸੋਚਣ ਲੱਗ ਪਏ। ਇਸ ਤੋ ਪਹਿਲਾਂ ਗ਼ਦਾਰ ਡੋਗਰੇ ਭਰਾਵਾਂ ਨੇ ਲਹੌਰ ਦਰਬਾਰ ਵਿੱਚ ਆਪਣੇ ਪੁੱਤਰ ਹੀਰਾ ਸਿੰਘ ਨੂੰ ਬਾਦਸ਼ਾਹ ਬਣਾਉਣ ਦੇ ਖਿਆਲ ਨਾਲ ਮਹਾਰਾਜਾ ਖੜਕ ਸਿੰਘ , ਕੁੰਵਰ ਨੋਨਿਹਾਲ ਸਿੰਘ ਅਤੇ ਸਰਦਾਰ ਚੇਤ ਸਿੰਘ ਬਾਜਵਾ ਨੂੰ ਮਰਵਾ ਕੇ ਜਿਹੜੀ ਗੱਦਾਰੀ ਦੀ ਪਰੰਪਰਾ ਨਿਭਾਈ ਸੀ ਉਹ ਜਗ ਜਾਹਿਰ ਸੀ। ਜਿਸ ਗਲ਼ ਤੋਂ ਦੁਖੀ ਹੋਏ ਸੰਧੇਵਾਲੀਏ ਸਰਦਾਰਾਂ ਨੇ ਰਾਜਾ ਧਿਆਨ ਸਿੰਘ ਅਤੇ ਸ਼ੇਰ ਸਿੰਘ ਦਾ ਕਤਲ ਕਰਵਾ ਦਿੱਤਾ ਸੀ ਪਰ ਰਾਜਾ ਹੀਰਾ ਸਿੰਘ ਦੇ ਮੁੜ ਪ੍ਰਧਾਨ ਮੰਤਰੀ ਬਣਨ ਨਾਲ ਸੰਧਾਵਾਲੀਏ ਸਰਦਾਰ ਆਪਣੇ ਆਪ ਨੂੰ ਮੁਸ਼ਕਿਲ ਵਿੱਚ ਮਹਿਸੂਸ ਕਰ ਰਹੇ ਸਨ। ਜਿਆਦਾ ਗਲ ਉਦੋਂ ਵਧੀ, ਜਦੋਂ ਬਾਬਾ ਬੀਰ ਸਿੰਘ ਛੇ ਹਜ਼ਾਰ ਸਿੱਖ ਫੌਜ ਸਮੇਤ ਹਰੀ ਕੇ ਪਤਨ ਆਏ ਹੋਏ ਸਨ, ਇਥੇ ਸਰਦਾਰ ਅਤਰ ਸਿੰਘ ਸੰਧਾਵਾਲੀਆ ਲਾਹੌਰ ਦੀ ਖਾਨਾਜੰਗੀ ਅਤੇ ਡੋਗਰਿਆਂ ਦੀ ਗ਼ਦਰੀ ਤੋਂ ਦੁੱਖੀ ਹੋ ਕੇ ਬਾਬਾ ਜੀ ਦੀ ਸ਼ਰਨ ਆ ਗਏ। ਗ਼ਦਾਰ ਡੋਗਰਿਆਂ ਨੂੰ ਜਦੋਂ ਇਸ ਬਾਰੇ ਪਤਾ ਲੱਗਾ ਤਾਂ ਰਾਜਾ ਹੀਰਾ ਸਿੰਘ ਡੋਗਰਾ ਨੇ ਸਰਦਾਰ ਅਤਰ ਸਿੰਘ ਨੂੰ ਗ੍ਰਿਫਤਾਰ ਕਰਣ ਦੇ ਲਈ ਆਪਣੀਆਂ ਫ਼ੌਜਾਂ ਭੇਜੀਆਂ। ਬਾਬਾ ਬੀਰ ਸਿੰਘ ਨੇ ਕਿਹਾ ਕਿ ਸਰਦਾਰ ਅਤਰ ਸਿੰਘ ਸਾਡੀ ਸ਼ਰਨ ਵਿੱਚ ਹੈ ਅਤੇ ਗੁਰੂ ਸਿਧਾਂਤ ਦੇ ਮੁਤਾਬਕ ਸਿੱਖ ਦੀ ਪਨਾਹ ਦੇ ਵਿੱਚ ਕਿਸੇ ਵੀ ਆਏ ਦੀ ਰੱਖਿਆ ਕਰਨਾ ਸਾਡਾ ਸਿੱਖੀ ਕਰਮ ਹੈ। ਸੋ ਬਾਬਾ ਜੀ ਨੇ ਸਰਦਾਰ ਅਤਰ ਸਿੰਘ ਨੂੰ ਗ਼ਦਾਰ ਹੀਰਾ ਸਿੰਘ ਦੀ ਫੌਜ ਦੇ ਹਵਾਲੇ ਕਰਨ ਤੋਂ ਇਨਕਾਰ ਕਰ ਦਿੱਤਾ ਉਨ੍ਹਾਂ ਨੇ ਸਾਫ ਕਿਹਾ ਕਿ, ਸਰਦਾਰ ਅਤਰ ਸਿੰਘ ਨੇ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਆਣ ਪਨਾਹ ਲਈ ਹੈ ਇਸ ਕਰਕੇ ਗੁਰੂ ਘਰ ਵਿਚ ਸ਼ਰਨ ਲੈਣ ਵਾਲੇ ਨੂੰ ਉਹ ਕਿਵੇਂ ਕਿਸੇ ਦੇ ਹਵਾਲੇ ਕਰ ਸਕਦੇ ਹਨ।ਇਹ ਗਲ ਸੁਣ ਕੇ ਰਾਜਾ ਹੀਰਾ ਸਿੰਘ ਡੋਗਰਾ ਹੋਰ ਵੀ ਉਬਲ ਕੇ ਨਾਰਾਜ਼ ਹੋ ਗਿਆ ਅਤੇ ਹੁਣ ਉਸ ਨੇ ਆਪਣੀ ਫੌਜ ਨੂੰ ਸਰਦਾਰ ਅਤਰ ਸਿੰਘ ਦੇ ਨਾਲ ਬਾਬਾ ਬੀਰ ਸਿੰਘ ਜੀ ਨੂੰ ਵੀ ਜ਼ਬਰਦਸਤੀ ਗ੍ਰਿਫ਼ਤਾਰ ਕਰਨ ਦੇ ਹੁਕਮ ਦੇ ਦਿੱਤੇ। ਸੋ 7 ਮਈ 1844 ਨੂੰ ਰਾਜਾ ਹੀਰਾ ਸਿੰਘ ਡੋਗਰਾ ਦੇ ਕਮਾਂਡਰ ਲਾਭ ਸਿੰਘ ਦੀ ਕਮਾਨ ਹੇਠ 20,000 ਫੌਜ ਨੇ, 50 ਤੋਪਾਂ ਸਮੇਤ ਬਾਬਾ ਬੀਰ ਸਿੰਘ ਜੀ ਦੇ ਹਰੀਕੇ-ਪੱਤਣ ਵਾਲੇ ਡੇਰੇ ਨੂੰ ਘੇਰਾ ਪਾ ਲਿਆ। ਇੰਜ ਰਾਜਾ ਹੀਰਾ ਸਿੰਘ ਡੋਗਰਾ ਦੀਆਂ ਫੌਜਾਂ ਨੇ ਘੇਰਾ ਘੱਤ ਕੇ ਬਾਬਾ ਬੀਰ ਸਿੰਘ ਜੀ ਨੂੰ, ਆਪਣੇ ਆਪ ਨੂੰ ਸਣੇ ਸਰਦਾਰ ਅਤਰ ਸਿੰਘ ਦੇ ਫੌਜ ਦੇ ਹਵਾਲੇ ਕਰਣ ਦੇ ਲਈ ਕਿਹਾ। ਇਧਰ ਬਾਬਾ ਜੀ ਦੇ ਨਾਲ ਸਿੱਖ ਫੌਜ ਵੀ ਆਪਣੇ ਪ੍ਰਦਰਸ਼ਨ ਦੇ ਲਈ ਤਿਆਰ ਖੜੀ ਸੀ ਪਰ ਬਾਵਜੂਦ ਇਸ ਦੇ ਬਾਬਾ ਬੀਰ ਸਿੰਘ ਨੇ ਸੰਜਮ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਲੜਾਈ ਵਿੱਚ ਆਪਣੇ ਭਰਾ ਹੀ ਮਰਣ ਗੇ ਅਤੇ ਅਸੀਂ ਆਪਣੇ ਭਰਾਵਾਂ ਨਾਲ ਲੜੀਏ ਜਾਂ ਉਨ੍ਹਾਂ ਉੱਪਰ ਗੋਲੀ ਚਲਾਵੀਏ ਇਹ ਸਾਨੂੰ ਮਨਜੂਰ ਨਹੀਂ, ਭਾਵੇਂ ਕੇ ਸਾਡੇ ਸਾਹਮਣੇ ਖੜੇ ਫੌਜੀ ਸਪਸ਼ਟ ਤੌਰ ਤੇ ਗ਼ਲਤ ਹਨ ਪਰ ਹੈ ਤਾਂ ਉਹ ਸਾਡੇ ਹੀ ਭਰਾ। ਸੋ ਅਜਿਹਾ ਕਰਨਾ ਸਾਡੇ ਗੁਰੂਆਂ ਦੀਆਂ ਸਿੱਖਿਆਵਾਂ ਦੇ ਵੀ ਉਲਟ ਹੋਵੇ ਗਾ। ਬਾਬਾ ਜੀ ਨੇ ਸਾਰਿਆਂ ਨੂੰ ਸ਼ਾਂਤੀ ਨਾਲ ਬੈਠਣ ਅਤੇ ਆਪੋ-ਆਪਣੇ ਘਰਾਂ ਨੂੰ ਵਾਪਸ ਪਰਤ ਜਾਣ ਲਈ ਕਿਹਾ। ਪਰ ਦੂਜੇ ਪਾਸੇ ਰਾਜਾ ਹੀਰਾ ਸਿੰਘ ਡੋਗਰਾ ਦੀਆਂ ਲੜਾਈ ਲਈ ਬਜਿੱਦ ਫ਼ੌਜਾਂ ਨੇ ਸਿੱਖ ਸੰਗਤਾਂ ਉਤੇ ਭਾਰੀ ਤੋਪਖਾਨੇ ਨਾਲ ਹਮਲਾ ਬੋਲ ਦਿੱਤਾ। ਇਸ ਜੰਗ ਵਿੱਚ ਬਾਬਾ ਬੀਰ ਸਿੰਘ ਜੀ ਫੇਰ ਵੀ ਸ਼ਾਂਤ ਰਹੇ। ਉਨ੍ਹਾਂ ਦਾ ਸਰੀਰ ਗੋਲੀਆਂ ਨਾਲ ਛਲ੍ਹਣੀ ਹੋ ਗਿਆ ਅਤੇ ਉਹ ਸ਼ਹੀਦ ਹੋ ਗਏ। ਇਸ ਜੰਗ ਵਿੱਚ ਉਨ੍ਹਾਂ ਦੇ ਨਾਲ ਹਜ਼ਾਰਾਂ ਹੋਰ ਸਿੱਖ ਵੀ ਮਾਰੇ ਗਏ।

