ਪੁੱਤਰਾਂ ਦੇ ਦਾਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ

ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਤੋਂ ਬਾਬਾ ਬੁੱਢਾ ਸਾਹਿਬ ਜੀ ਨੂੰ ਜ਼ਮੀਨ ਦੀ ਸਾਂਭ ਸੰਭਾਲ ਵਾਸਤੇ ਪਿੰਡ ਠੱਠੇ ਭੇਜਿਆ, ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਖੇਤੀਬਾੜੀ ਬਹੁਤ ਚੰਗੀ ਤਰ੍ਹਾਂ ਜਾਣਦੇ ਸਨ। ਬਾਬਾ ਬੁੱਢਾ ਸਾਹਿਬ ਜੀ ਗੁਰੂ ਜੀ ਦਾ ਹੁਕਮ ਮੰਨ ਕੇ ਪਿੰਡ ਠੱਠੇ ਆ ਗਏ ਤੇ ਇੱਥੇ ਆ ਕੇ ਉਨ੍ਹਾਂ ਨੇ ਖੇਤੀ ਕੀਤੀ। ਨਾਲ ਹੀ ਜੰਗਲ ( ਬੀੜ ) ਦੀ ਸਾਂਭ-ਸੰਭਾਲ ਕੀਤੀ। ਬਾਬਾ ਬੁੱਢਾ ਸਾਹਿਬ ਜੀ ਨੇ ਮੱਝਾਂ, ਗਾਵਾਂ ਰੱਖੀਆ ਅਤੇ ਨਾਲ ਹੀ ਬੱਚਿਆਂ ਨੂੰ ਗੁਰਬਾਣੀ ਦੀ ਸਿੱਖਿਆ ਤੇ ਸ਼ਸਤਰ ਵਿਦਿਆ ਵੀ ਦਿੰਦੇ ਸਨ । ਇਸ ਤਰ੍ਹਾਂ ਇਸ ਅਸਥਾਨ ਦਾ ਨਾਮ ਬੀੜ ਬਾਬਾ ਬੁੱਢਾ ਸਾਹਿਬ ਜੀ ਪੈ ਗਿਆ ।

ਇਕ ਵਾਰ ਮਾਤਾ ਗੰਗਾ ਜੀ ਗੁਰੂ ਘਰ ਦੇ ਬਹੁਤ ਹੀ ਕੀਮਤੀ ਦੁਸ਼ਾਲੇ ਸੁਕਾ ਰਹੇ ਸਨ। ਦੁਸ਼ਾਲੇ ਵੇਖ ਕੇ ਪ੍ਰਿਥੀ ਚੰਦ ਦੀ ਘਰਵਾਲੀ ਕਰਮੋ, ਜੋ ਕਿ ਮਾਤਾ ਗੰਗਾ ਜੀ ਦੀ ਜੇਠਾਣੀ ਲਗਦੀ ਸੀ। ਆਪਣੇ ਪਤੀ ਪ੍ਰਿਥੀ ਚੰਦ ਨੂੰ ਕਹਿਣ ਲੱਗੀ ਕਿ ਮੈਨੂੰ ਵੀ ਵਧੀਆ ਦੁਸ਼ਾਲੇ ਲਿਆ ਕੇ ਦਿਓ, ਮੈਂ ਵੀ ਸੰਭਾਲ ਕੇ ਰੱਖਣੇ ਹਨ ਤਾਂ ਅੱਗੋਂ ਪਿਥੀ ਚੰਦ ਕਹਿਣ ਲੱਗਾ ਕਿ ਇਹ ਦੁਸ਼ਾਲੇ ਆਪਣੇ ਪੁੱਤਰ ਮਿਹਰਬਾਨ ਦੇ ਕੰਮ ਆਉਣੇ ਹਨ, ਕਿਉਂਕਿ ਮਾਤਾ ਗੰਗਾ ਜੀ ਦੇ ਘਰ ਕਿਹੜਾ ਕੋਈ ਪੁੱਤਰ ਹੈ। ਇਹ ਗੱਲ ਮਾਤਾ ਗੰਗਾ ਜੀ ਦੇ ਕੰਨੀਂ ਪੈ ਗਈ ਤੇ ਮਾਤਾ ਜੀ ਬਹੁਤ ਉਦਾਸ ਰਹਿਣ ਲਗ ਪਏ। ਮਾਤਾ ਗੰਗਾ ਜੀ ਦੀ ਉਦਾਸੀ ਵੇਖ ਕੇ ਗੁਰੂ ਅਰਜਨ ਦੇਵ ਜੀ ਨੇ ਮਾਤਾ ਗੰਗਾ ਜੀ ਨੂੰ ਉਨ੍ਹਾਂ ਦੀ ਉਦਾਸੀ ਦਾ ਕਾਰਨ ਪੁੱਛਿਆ ਤਾਂ ਮਾਤਾ ਗੰਗਾ ਜੀ ਨੇ ਸਾਰੀ ਗੱਲ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਦੱਸੀ। ਸ੍ਰੀ ਗੁਰੂ ਅਰਜਨ ਦੇਵ ਜੀ ਮਾਤਾ ਗੰਗਾ ਜੀ ਨੂੰ ਕਹਿਣ ਲੱਗੇ ਕਿ ਪੁੱਤਰਾਂ ਦੇ ਦਾਨੀ ਬਾਬਾ ਬੁੱਢਾ ਸਾਹਿਬ ਜੀ ਬੀੜ ਸਾਹਿਬ ਵਿੱਚ ਰਹਿੰਦੇ ਹਨ। ਤੁਸੀਂ ਆਪ ਆਟਾ ਪੀਸ ਕੇ ਮਿੱਸੇ ਪ੍ਰਸ਼ਾਦੇ ,ਅਚਾਰ, ਪਿਆਜ ਤੇ ਲੱਸੀ ਦਾ ਮਟਕਾ ਲੈ ਕੇ ਨੰਗੇ ਪੈਰੀਂ ਜਾ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਪ੍ਰਸ਼ਾਦਾ ਛਕਾਓ ਅਤੇ ਉਨ੍ਹਾਂ ਅੱਗੇ ਅਰਦਾਸ ਕਰੋ ਕਿ ਬਾਬਾ ਜੀ ਸਾਨੂੰ ਪੁੱਤਰ ਦੀ ਦਾਤ ਬਖਸ਼ੋ ।

ਮਾਤਾ ਗੰਗਾ ਜੀ ਨੇ ਨੰਗੇ ਪੈਰੀਂ ਜਾ ਬੀੜ ਸਾਹਿਬ ਵਿਖੇ ਜਾ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਪ੍ਰਸ਼ਾਦਾ ਛਕਾਇਆ ਅਤੇ ਉਨ੍ਹਾਂ ਅੱਗੇ ਪੁੱਤਰ ਦੀ ਦਾਤ ਮੰਗੀ । ਬਾਬਾ ਬੁੱਢਾ ਜੀ ਨੇ ਮਾਤਾ ਗੰਗਾ ਜੀ ਦੀ ਸੇਵਾ ਭਾਵਨਾ ਤੋਂ ਪ੍ਰਸੰਨ ਹੋ ਕੇ ਕਿਹਾ ਕਿ ਆਪ ਜੀ ਦੇ ਘਰ ਵਿਚ ਬਹੁਤ ਵੱਡਾ ਯੋਧਾ ਪੁੱਤਰ ਪੈਦਾ ਹੋਵੇਗਾ। ਬਾਬਾ ਬੁੱਢਾ ਜੀ ਦੇ ਵਰ ਦੇ ਨਾਲ ਮਾਤਾ ਗੰਗਾ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗ੍ਰਹਿ ਵਿਖੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਨਮ ਲਿਆ।

Leave a Reply

Your email address will not be published. Required fields are marked *

error: Content is protected !!