ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ – ਜੀਵਨ ਕਥਾ

ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਸਿੱਖ ਧਰਮ ਦੇ ਪੰਜਵੇਂ ਗੁਰੂ ਸਾਹਿਬ ਜੀ ਸਨ। ਆਪ ਜੀ ਦਾ ਜਨਮ 15 ਅਪ੍ਰੈਲ 1563 ਈਸਵੀ ਨੂੰ ਗੋਇੰਦਵਾਲ ਸਾਹਿਬ ਵਿਖੇ ਹੋਇਆ। ਆਪ ਜੀ ਦੇ ਪਿਤਾ ਸ਼੍ਰੀ ਗੁਰੂ ਰਾਮ ਦਾਸ ਜੀ ਅਤੇ ਮਾਤਾ ਬੀਬੀ ਭਾਨੀ ਜੀ ਸਨ। ਬਚਪਨ ਤੋਂ ਹੀ ਗੁਰੂ ਅਰਜਨ ਦੇਵ ਜੀ ਬਹੁਤ ਹੀ ਨਿਮਰ, ਦਇਆਵਾਨ, ਧੀਰਜਵਾਨ ਅਤੇ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ ਸਨ।ਸਾਲ 1581 ਵਿੱਚ ਸ਼੍ਰੀ ਗੁਰੂ ਰਾਮ ਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਸਿੱਖਾਂ ਦਾ ਪੰਜਵਾਂ ਗੁਰੂ ਬਣਾਇਆ। ਗੁਰਗੱਦੀ ਸੰਭਾਲਣ ਤੋਂ ਬਾਅਦ ਆਪ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਅਤੇ ਸੰਗਤਾਂ ਦੀ ਸੇਵਾ ਲਈ ਮਹਾਨ ਕਾਰਜ ਕੀਤੇ। ਆਪ ਜੀ ਨੇ ਅੰਮ੍ਰਿਤਸਰ ਸ਼ਹਿਰ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਅਤੇ ਸ਼੍ਰੀ ਹਰਿਮੰਦਰ ਸਾਹਿਬ ਦੇ ਨਿਰਮਾਣ ਦਾ ਕਾਰਜ ਪੂਰਾ ਕਰਵਾਇਆ। ਹਰਿਮੰਦਰ ਸਾਹਿਬ ਦੀ ਨੀਂਹ ਹਜ਼ਰਤ ਮੀਆਂ ਮੀਰ ਜੀ ਤੋਂ ਰਖਵਾਈ ਗਈ, ਜੋ ਆਪ ਜੀ ਦੀ ਸਰਬ ਧਰਮ ਸਮਭਾਵਨਾ ਦਾ ਪ੍ਰਤੀਕ ਹੈ। ਗੁਰੂ ਅਰਜਨ ਦੇਵ ਜੀ ਦਾ ਸਭ ਤੋਂ ਮਹਾਨ ਕਾਰਜ ਆਦਿ ਗ੍ਰੰਥ ਦੀ ਸੰਪਾਦਨਾ ਸੀ। ਸੰਨ 1604 ਵਿੱਚ ਆਪ ਜੀ ਨੇ ਪਹਿਲੇ ਚਾਰ ਗੁਰੂ ਸਾਹਿਬਾਨ ਦੀ ਬਾਣੀ, ਆਪਣੀ ਬਾਣੀ ਅਤੇ ਕਈ ਭਗਤਾਂ ਤੇ ਭੱਟਾਂ ਦੀ ਬਾਣੀ ਨੂੰ ਇਕੱਠਾ ਕਰਕੇ ਆਦਿ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਕਰਵਾਇਆ। ਬਾਬਾ ਬੁੱਢਾ ਜੀ ਨੂੰ ਪਹਿਲਾ ਗ੍ਰੰਥੀ ਨਿਯੁਕਤ ਕੀਤਾ ਗਿਆ। ਇਸ ਮਹਾਨ ਕਾਰਜ ਨਾਲ ਸਿੱਖ ਧਰਮ ਨੂੰ ਇੱਕ ਪ੍ਰਮਾਣਿਕ ਧਾਰਮਿਕ ਗ੍ਰੰਥ ਪ੍ਰਾਪਤ ਹੋਇਆ। ਗੁਰੂ ਅਰਜਨ ਦੇਵ ਜੀ ਨੇ ਆਪਣੀ ਬਾਣੀ ਰਾਹੀਂ ਨਾਮ ਸਿਮਰਨ, ਸੱਚੀ ਕਿਰਤ, ਵੰਡ ਛਕਣ, ਨਿਮਰਤਾ ਅਤੇ ਪ੍ਰਭੂ ਦੀ ਰਜ਼ਾ ਵਿੱਚ ਰਹਿਣ ਦਾ ਉਪਦੇਸ਼ ਦਿੱਤਾ। ਆਪ ਜੀ ਦੀ ਬਾਣੀ ਅੱਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਅਤੇ ਸੰਸਾਰ ਭਰ ਦੇ ਲੋਕਾਂ ਨੂੰ ਆਤਮਕ ਸ਼ਾਂਤੀ ਪ੍ਰਦਾਨ ਕਰਦੀ ਹੈ। ਮੁਗਲ ਬਾਦਸ਼ਾਹ ਜਹਾਂਗੀਰ ਨੇ ਗੁਰੂ ਸਾਹਿਬ ਦੀ ਵਧਦੀ ਲੋਕਪ੍ਰਿਯਤਾ ਅਤੇ ਸਿੱਖ ਧਰਮ ਦੇ ਪ੍ਰਸਾਰ ਤੋਂ ਡਰ ਕੇ ਆਪ ਜੀ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ। ਲਾਹੌਰ ਵਿੱਚ ਗੁਰੂ ਸਾਹਿਬ ਜੀ ਨੂੰ ਅਣਮਨੁੱਖੀ ਤਸੀਹੇ ਦਿੱਤੇ ਗਏ। ਆਪ ਜੀ ਨੂੰ ਤੱਤੀ ਤਵੀ ਉੱਤੇ ਬਿਠਾਇਆ ਗਿਆ, ਸਿਰ ਅਤੇ ਸਰੀਰ ਉੱਤੇ ਤੱਤੀ ਰੇਤ ਪਾਈ ਗਈ, ਪਰ ਗੁਰੂ ਸਾਹਿਬ ਨੇ ਪ੍ਰਭੂ ਦੀ ਰਜ਼ਾ ਨੂੰ ਮਿੱਠਾ ਮੰਨਦਿਆਂ ਅਡੋਲਤਾ ਅਤੇ ਧੀਰਜ ਦਾ ਅਦਭੁੱਤ ਉਦਾਹਰਨ ਪੇਸ਼ ਕੀਤਾ। ਆਪ ਜੀ ਦੇ ਮੁਖ ਤੋਂ ਨਿਕਲੇ ਬਚਨ “ਤੇਰਾ ਕੀਤਾ ਮੀਠਾ ਲਾਗੈ, ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ। ਅੱਜ ਵੀ ਸਿੱਖਾਂ ਲਈ ਸਬਰ ਅਤੇ ਭਾਣਾ ਮੰਨਣ ਦੀ ਪ੍ਰੇਰਣਾ ਹਨ। 30 ਮਈ 1606 ਈਸਵੀ ਨੂੰ ਗੁਰੂ ਅਰਜਨ ਦੇਵ ਜੀ ਨੇ ਲਾਹੌਰ ਵਿੱਚ ਸ਼ਹੀਦੀ ਪ੍ਰਾਪਤ ਕੀਤੀ। ਆਪ ਜੀ ਨੂੰ ਸਿੱਖ ਇਤਿਹਾਸ ਦੇ ਪਹਿਲੇ ਸ਼ਹੀਦ ਗੁਰੂ ਹੋਣ ਦਾ ਮਾਣ ਪ੍ਰਾਪਤ ਹੈ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੇ ਸਿੱਖ ਕੌਮ ਨੂੰ ਸੱਚ, ਧਰਮ ਅਤੇ ਇਨਸਾਫ਼ ਲਈ ਹਰ ਕੁਰਬਾਨੀ ਦੇਣ ਦੀ ਪ੍ਰੇਰਣਾ ਦਿੱਤੀ। ਅੱਜ ਵੀ ਗੁਰੂ ਸਾਹਿਬ ਜੀ ਦਾ ਜੀਵਨ ਸਾਨੂੰ ਸੇਵਾ, ਨਿਮਰਤਾ, ਸਿਮਰਨ ਅਤੇ ਪ੍ਰਭੂ ਦੇ ਭਾਣੇ ਵਿੱਚ ਰਹਿਣ ਦੀ ਸਿੱਖਿਆ ਦਿੰਦਾ ਹੈ।

Leave a Reply

Your email address will not be published. Required fields are marked *

error: Content is protected !!