ਦੇਹੁ ਚਾਕਰੀ ਪ੍ਰਭੂ ਹਮਾਰੀ ।ਪੁਨੇ ਗਮਨ ਕੋ ਕਰੋ ਅਗਾਰੀ । ਪਹਿਲਾਂ ਸਾਡੀ ਪਿਛਲੀ ਤਨਖਾਹ ਦੇਵੋ ਤਾਂ ਅਸੀਂ ਅੱਗੇ ਨਾਲ ਤੁਰਾਂਗੇ । ਸਤਿਗੁਰੂ ਜੀ ਨੇ ਇਹਨਾਂ ਨੂੰ ਕੁੱਝ ਸਮਾਂ ਉਡੀਕ ਕਰਨ ਲਈ ਕਿਹਾ ਪਰ ਬਰਾੜ ਆਪਣੀ ਜਿੱਦ ਤੇ ਅੜੇ ਰਹੇ। ਜਦੋਂ ਸਤਿਗੁਰੂ ਜੀ ਦੇ ਵਾਰ ਵਾਰ ਕਹਿਣ ਤੇ ਵੀ ਇਹ ਨਾ ਮੰਨੇ ਤਾਂ ਉਹਨਾਂ ਨੇ ਇਹਨਾਂ ਨੂੰ ਸਿੱਖੀ ਜਾਂ ਤਨਖਾਹ ਦੋਹਾਂ ਚੋਂ ਇੱਕ ਚੁਣਨ ਲਈ ਕਿਹਾ ਤਾਂ ਕਹਿਣ ਲੱਗੇ : ਕਹੈਂ ਨਹੀਂ ਗੁਰਸਿੱਖੀ ਧਰੈ । ਦਰਬ ਚਾਕਰੀ ਲੈਬੋ ਕਰੈਂ । ਬਰਾੜਾਂ ਨੇ ਜਵਾਬ ਦਿੱਤਾ ” ਸਾਨੂੰ ਸਿੱਖੀ ਨਹੀਂ ਤਨਖ਼ਾਹ ਚਾਹੀਦੀ ਹੈ ਕਿਉਂਕਿ ਅੱਗੇ ਡੱਲੇ ਦੀ ਹੱਦ ਹੈ,ਇਸ ਕਰਕੇ ਅਸੀਂ ਤਨਖਾਹ ਇਥੇ ਹੀ ਲਵਾਂਗੇ।” ਉਸ ਸਮੇਂ ਓਥੇ ਇਕ ਸਿੱਖ ਆਇਆ ਜਿਸਨੇ ਸਤਿਗੁਰਾਂ ਨੂੰ ਬਹੁਤ ਸਾਰੀ ਮਾਇਆ ਭੇਟ ਕੀਤੀ ਤੇ ਹਜੂਰ ਨੇ ਉਸੇ ਵੇਲੇ ਸਾਰੇ ਸਿਪਾਹੀਆਂ ਦੀ ਤਨਖਾਹ ਤਾਰ ਦਿੱਤੀ । ਪਰ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਭਾਈ ਰਤਨ ਸਿੰਘ ਭੰਗੂ ਜੀ ਬਰਾੜਾਂ ਵੱਲੋਂ ਗੁਰੂ ਸਾਹਿਬ ਜੀ ਨੂੰ ਤਨਖਾਹ ਬਦਲੇ ਖੱਜਲ-ਖੁਆਰ ਕਰਨ ਅਤੇ ਬਿਨਾਂ ਤਨਖਾਹ ਤੋਂ ਨਾ ਲੜਨ ਦੀ ਗੱਲ ਲਿਖਦੇ ਹਨ।
ਬਰਾੜਾਂਦਾਕੈਰਾਪਨ_ ਗੁਰੂ ਮਹਾਰਾਜ ਜੀ ਦੀ ਅੱਗੇ ਹੋਰ ਕਹਾਣੀ ਸੁਣੋ ( ਰਤਨ ਸਿੰਘ ਭੰਗੂ ) ਜਦੋਂ ਸਤਿਗੁਰੂ ਜੀ ਕੋਟਕਪੂਰੇ ਤੋਂ ਅਗਲੇ ਪਿੰਡਾਂ ਵੱਲ ਰੋਹੀ ਨੂੰ ਹੋ ਤੁਰੇ ਤਾਂ ਉੱਥੇ ਸਤਿਗੁਰੂ ਜੀ ਨੇ ਬਰਾੜਾਂ ਦੀ ਫੌਜ ਰੱਖ ਲਈ। ਏਥੇ ਹੀ ਉਹਨਾਂ ਨੇ ਮੁਗਲ ਫੌਜਾਂ ਦੇ ਪਿਛੋਂ ਆਉਣ ਦੀ (ਅਵਾਈ) ਅਫਵਾਹ ਸੁਣੀ । ਗੁਰੂ ਸਾਹਿਬ ਜੀ ਨੇ ਹਰ ਘੋੜ ਅਸਵਾਰ ਦੀ ਇਕ ਰੁਪਿਆ ਤਨਖਾਹ ਰੋਜ ਦੀ ਬੰਨੀ ਦਿੱਤੀ ਭਾਂਵੇਕਿ ਸਤਿਗੁਰਾਂ ਦੇ ਨਾਲ ਕੁੱਝ ਹੋਰ ਗੁਰਸਿੱਖ ਪਿਆਰੇ ਵੀ ਸਨ ਜੋ ਬਿਨਾਂ ਤਨਖਾਹ ਤੋਂ ਪਹਿਲਾਂ ਹੀ ਉਹਨਾਂ ਦੇ ਨਾਲ ਆ ਰਹੇ ਸਨ ਅਤੇ ਬਰਾੜ ਨਹੀਂ ਸਨ । ਇਸ ਇਲਾਕੇ ਦੇ ਬਰਾੜ ਜੱਟਾਂ ਕੋਲ ਟੈਰਾਂ ਭਾਵ ਘੋੜੇ ਘੋੜੀਆਂ ਦੇ ਸਹਾਰੇ ਇੱਕ ਥਾਂ ਤੋਂ ਦੂਜੀ ਥਾਂ ਜਾਣ ਵਾਲੇ ਛੋਟੇ ਸਾਧਨ ਸਨ,ਇਹਨਾ ਦੇ ਹੱਥਾਂ ਚੋ ਸੇਲੇ ਤੇ ਬਰਛੀਆਂ ਫੜ੍ਹੀਆਂ ਹੋਈਆਂ ਸਨ । ਦੂਰ ਵੱਸਦੇ ਸਿੱਖਾਂ ਵੱਲੋਂ ਭੇਟ ਕੀਤੀ ਦਸਵੰਧ ਦੀ ਮਾਇਆ ਜੋ ਬਰਾੜਾਂ ਨੂੰ ਤਨਖਾਹ ਵਜੋਂ ਦਿੱਤੀ ਜਾ ਰਹੀ ਸੀ ਪਰ ਜੇ ਕਿਤੇ ਤਨਖਾਹ ਨਾ ਮਿਲਦੀ ਤਾਂ ਬਰਾੜ ਗੁਰੂ ਜੀ ਨਾਲ ( ਢੰਗੋ, ਦੰਗਾ ) ਝਗੜਾ ਕਰਦੇ ਸਨ । ਚੜਾਵੇ ਦੀ ਮਾਇਆ ਵੇਖ ਕੇ ਬਰਾੜ ਕਹਿੰਦੇ ਸਾਨੂੰ ਤਾਂ ਹੁਣੇ ਤਨਖਾਹ ਦਿਉ,ਹੁਣੇ ਪੈਸਾ ਦਿਉ ਜੋ ਸਾਡਾ ਰੋਜਾਨਾ ਬੱਧਾ ਹੈ, ਫਿਰ ਅੱਗੇ ਨਾਲ ਤੁਰਾਂਗੇ,ਇਉਂ ਬਰਾੜ ਤਨਖਾਹਾਂ ਲੈ ਕੇ ਸਤਿਗੁਰੂ ਜੀ ਦੇ ਨਾਲ ਅੱਗੇ ਤੁਰ ਰਹੇ ਸਨ । ਧੰਨ ਮਿਲਦਾ ਵੇਖ ਕੇ ਬਰਾੜਾਂ ਨੇ ਪਿੰਡਾਂ ਦੇ ਗੇੜੇ ਬੰਨ੍ਹ ਲਏ ਤਾਂ ਜੋ ਨੌਕਰੀ ਲੱਗੀ ਰਹੇ, ਏਧਰੋਂ ਤੁਰਕ ਆਉਂਦੇ ਨੇ,ਓਧਰੋਂ ਵੀ ਆਉਂਦੇ ਨੇ,ਇਉਂ ਬਰਾੜ ਸਤਿਗੁਰਾਂ ਨੂੰ ਤਨਖਾਹ ਬਦਲੇ ਝੂਠ ਬੋਲ ਕੇ ਪਿੰਡੋਂ ਪਿੰਡੀਂ ਲਈ ਫਿਰਦੇ ਰਹੇ। ਕਦੇ ਕਿਸੇ ਪਿੰਡ,ਕਦੇ ਕਿਸੇ ਪਿੰਡ,ਏਧਰ ਨਹੀਂ ਓਧਰ,ਓਧਰ ਨਹੀਂ ਏਧਰ, ਤੁਰਕ ਪਿੱਛੇ ਆ ਗਏ, ਫੌਜ ਆ ਗਈ ਬਰਾੜ ਸਤਿਗੁਰੂ ਜੀ ਨੂੰ ਇਉਂ ਕਹਿ ਛੱਡਦੇ ਕੇਵਲ ਤਨਖਾਹਾਂ ਲੈਣ ਖਾਤਰ ਪਰ ਅਦਬ ਸਤਿਕਾਰ ਤੇ ਭਾਵਨਾ ਨਾਲ ਕੋਈ ਇਹ ਗੱਲ ਨਾ ਕਹਿੰਦਾ ਕਿ ਮਹਾਰਾਜ ਤੁਸੀਂ ਸਾਡੇ ਕੋਲ ਰਹੋ । ਇਸ ਤਰ੍ਹਾਂ ਭਾਈ ਰਤਨ ਸਿੰਘ ਭੰਗੂ ਜੀ ਨੇ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਇਸ ਪ੍ਰਸੰਗ ਨੂੰ ਕਲਮਬੰਦ ਕੀਤਾ ਹੈ ਜੋ ਉਹਨਾਂ ਨੇ ਪਹਿਲਾਂ ਸੁਣਿਆ ਹੋਇਆ ਸੀ । ਆਗੈ ਸੁਨੋਂ ਔਰ ਗੁਰ ਬਾਤ।। ਤੁਰ ਆਗੇ ਰਹੇ ਰੋਹੀ ਜਾਤ ।।
ਸਤਿਗੁਰ ਫੌਜ ਊਹਾਂ ਰਖ ਲਈ।। ਆਈ ਅਵਾਈ ਤੁਰਕਨ ਕੀ ਭਈ॥੯॥
ਰੋਕ ਰੁਪੱਯੋ ਕੀਯੇ ਅਸਵਾਰ॥ਪਾਵ ਪਿਯਾਦੋ ਜੋ ਰਹਿ ਨਾਲ॥
ਜਟ ਬਿਰਾੜ ਥੇ ਟੈਰਨ ਵਾਲੇ॥ਸੇਲ ਬਛੀ ਫੜ ਭਏ ਗੁਰ ਨਾਲੇ॥ ੧੦॥
ਦੋਹਰਾ॥ ਦਰਬ ਪ੍ਰਦੇਸੋਂ ਸਿਖ ਘਲੈਂ,ਸਤਿਗੁਰ ਉਨ ਕੋ ਦੇਹ॥
ਜੋ ਕੁਛ ਆਵਤ ਢਿਲ ਲਗੈ, ਢੰਗੋ ਤੁਰਤ ਕਰ ਲੇਂਹਿ॥੧੧॥
ਚੌਪਈ॥ਕਦੈ ਕਿਤੈ ਕਦ ਕਿਤ ਲੈ ਜਾਵੈਂ।।ਤੁਰਕਨ ਕੀ ਕਹਿਵਾਈ ਸੁਣਾਵੈਂ॥
ਅਬਲੂ ਮਹਿਮੈ ਡੋਡੈ ਮੱਤੀ॥ਕਦੈ ਕਾਉਣੀ ਕਦ ਝੰਡੋ ਪੱਤੀ॥੧੨
ਕਦੈ ਭਾਈ ਕੇ ਚੁੱਕੀਂ ਜਾਹਿ॥ ਕੋਊ ਨ ਆਖੈ ਬਹੁ ਇਸ ਥਾਇ।।
ਹੁਤੋ ਰੋਹੀ ਮਧ ਜੀਉ ਗ੍ਰਾਮ॥ ਕਹਾਂ ਜਾਨੋ ਮੈਂ ਤਿਨ ਕੈ ਨਾਮੁ ॥੧੩॥
ਜਾ ਜਾ ਡੇਰਾ ਜਹਿਂ ਜਹਿਂ ਕੀਯਾ॥ ਓ ਨ ਕੁਛ ਚਾੜੈ ਸਗਵੋਂ ਚਹਿਂ ਲੀਯਾ॥
ਇਕ ਇਕ ਕੂਨੋ ਇਕ ਇਕ ਪਾਸ।।ਦੇਹਿਂ ਨ ਔਰੈ ਜੋ ਗੁਰ ਮੰਗੈ ਖਾਸ।।੧੪
ਪਹਿਲੇ ਲੈਂ ਦਰਬ ਪਾਛੈ ਰਹੈਂ॥ ਆਯੋ ਆਈ ਬਹੁ ਮੁਖੋਂ ਸੁਨਹੈਂ॥੧੫॥
ਮੁੱਖ ਹਵਾਲਾ – ਪ੍ਰਾਚੀਨ ਪੰਥ ਪ੍ਰਕਾਸ਼ ( ਭਾਈ ਰਤਨ ਸਿੰਘ ਭੰਗੂ ) ।

