ਸ੍ਰੀ ਗੁਰੂ ਰਾਮਦਾਸ ਜੀ ਦੀ ਨਿਮਰਤਾ – ਸ੍ਰੀ ਗੁਰੂ ਅਮਰਦਾਸ ਜੀ ਸਰੀਰਕ ਤੌਰ ‘ਤੇ ਕਾਫ਼ੀ ਬਿਰਧ ਹੋ ਚੁੱਕੇ ਸਨ। ਸੱਚਖੰਡ ਵਾਪਸੀ ਦਾ ਸਮਾਂ ਨੇੜੇ ਆਇਆ ਜਾਣ ਕੇ ਉਨ੍ਹਾਂ ਨੇ ਸੰਮਤ 1631 ਦੇ ਭਾਦੋਂ ਮਹੀਨੇ ਸਮੂਹ ਸੰਗਤ ਅਤੇ ਆਪਣੇ ਪਰਿਵਾਰ ਦੇ ਸਨਮੁਖ ਭਾਈ ਜੇਠਾ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਚੌਥਾ ਵਾਰਿਸ ਥਾਪ ਕੇ ਸ੍ਰੀ ਗੁਰੂ ਰਾਮਦਾਸ ਜੀ ਬਣਾ ਦਿੱਤਾ। ਗੁਰਿਆਈ ਦੀ ਬਖ਼ਸ਼ਿਸ਼ ਛੋਟੀ ਜਾਂ ਸਧਾਰਨ ਗੱਲ ਨਹੀਂ ਸੀ, ਕਿਉਂਕਿ ਗੁਰੂ ਰਾਮਦਾਸ ਨੂੰ ਉਸ ਰੱਬੀ ਤਖ਼ਤ ਦੀ ਪ੍ਰਾਪਤੀ ਹੋ ਗਈ ਸੀ, ਜਿਸ ਦੇ ਅੱਗੇ ਰਾਜੇ-ਮਹਾਰਾਜਿਆਂ ਦਾ ਸੀਸ ਝੁਕਦਾ ਆ ਰਿਹਾ ਸੀ। ਸ੍ਰੀ ਗੁਰੂ ਨਾਨਕ ਸਾਹਿਬ ਦੇ ਦਰਬਾਰ ਵਿੱਚੋਂ ਇਕ ਨਿਮਾਣੇ ਸਿੱਖ ਨੂੰ ਮਿਲੇ ਮਾਣ ਨੂੰ ਦੇਖ ਕੇ ਆਪ ਵੈਰਾਗ ਵਿਚ ਆ ਗਏ ਤੇ ਉਚਾਰਣ ਕੀਤਾ ਜੋ ਹਮਰੀ ਬਿਧਿ ਹੋਤੀ, ਮੇਰੇ ਸਤਿਗੁਰਾ ਸਾ ਬਿਧਿ ਤੁਮ ਹਰਿ ਜਾਣੁਹ ਆਪੇ।। ਹਮ ਰੁਲਤੇ ਫਿਰਤੇ, ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ।।

