ਸ਼੍ਰੀ ਗੁਰੂ ਦਸਮ ਚਮਤਕਾਰਇਤਿਹਾਸ ਅਨੰਦਪੁਰ ਸਾਹਿਬ ਆਉਂਣ ਤੋਂ ਬਾਅਦ ਅਨੰਦਪੁਰ ਸਾਹਿਬ ਛੱਡਣ ਤੱਕ ਦਾ ਸਫ਼ਰ ਪੜੋ ਜੀ

ਬਚਿਤ੍ਰ ਸਿੰਘ ਨੇ ਹਾਥੀ ਨਾਲ ਯੁੱਧ ਕਰਨਾ } ਸਤਿਗੁਰੂ ਜੀ ਦੇ ਕੌਤਕ ਜਿਵੇਂ ਹੋਰ ਬਹੁਤ ਸਾਰੇ ਨਿਰਾਲੇ ਹਨ, ਤਿਵੇਂ ਇਹ ਕੌਤਕ ਵੀ ਨਿਰਾਲਾ ਹੈ । ਭਾਈ ਬਚਿਤ੍ਰ ਸਿੰਘ ਮਧਰੇ ਕੱਦ ਦਾ ਜਵਾਨ ਸੀ । ਗੁਰੂ ਜੀ ਦਾ ਇਸ਼ਾਰਾ ਪਾ ਕੇ ਉਹ ਹਾਥੀ ਨਾਲ ਲੜਨ ਵਾਸਤੇ ਤਿਆਰ ਹੋ ਪਿਆ । ਗੁਰੂ ਜੀ ਦੀ ਥਾਪਣਾ ਲੈ ਕੇ ਹੱਥ ਵਿਚ ਬਰਛਾ ਫੜਕੇ ਅਤੇ ਘੋੜੇ ਉਤੇ ਸਵਾਰ ਹੋ ਕੇ ਕਿਲ੍ਹੇ ਵਿਚੋਂ ਬਾਹਰ ਨਿਕਲਿਆ । ਉਸਦੇ ਪਿਛੇ ਪਿਛੇ ਇਕ ਹਜ਼ਾਰ ਸਿੱਖ ਹੋਰ ਸਨ, ਜੋ ਦੂਸਰੀ ਸੈਨਾ ਦਾ ਮੁਕਾਬਲਾ ਕਰਨ ਵਾਸਤੇ ਸਨ ਕਿਉਂਕਿ ਰਾਜਿਆਂ ਨੇ ਨਿਰਾ ਹਾਥੀ ਨਹੀਂ ਸੀ ਭੇਜਿਆ ਸਗੋਂ ਸੈਨਾ ਵੀ ਭੇਜੀ ਸੀ ਤੇ ਹੰਕਾਰੀ ਰਾਜਾ ਕੇਸਰੀ ਸਿੰਘ ਵੀ ਘੋੜੇ ਉਤੇ ਸਵਾਰ ਹਾਥੀ ਦੇ ਪਿਛੇ ਪਿਛੇ ਕਿਲ੍ਹੇ ਨੂੰ ਸਰ ਕਰਨ ਵਸਾਤੇ ਆਇਆ ਸੀ । ਉਸਨੇ ਕਸਮਾਂ ਖਾਧੀਆਂ ਸਨ ਕਿ ਉਹ ਕਿਲ੍ਹਾ ਫਤਹਿ ਕਰਨ ਬਿਨਾਂ ਅੰਨ ਜਲ ਮੂੰਹ ਨਹੀਂ ਲਾਵੇਗਾ ਅਤੇ ਜੇ ਕਿਲ੍ਹਾ ਫਤਹਿ ਨਾ ਹੋਇਆ ਤਾਂ ਜੀਊਂਦਾ ਨਹੀਂ ਆਵੇਗਾ । ਸਤਿਗੁਰੂ ਜੀ ਨੇ ਉਸ ਦਾ ਹੰਕਾਰ ਚਕਨਾ ਚੂਰ ਕਰਨ ਵਾਸਤੇ ਭਾਈ ਉਦੈ ਸਿੰਘ ਨੂੰ ਹੁਕਮ ਕੀਤਾ । ਸਤਿਗੁਰੂ ਜੀ ਆਪ ਕਿਲ੍ਹੇ ਦੇ ਬੁਰਜ ਉਪਰ ਚਲੇ ਗਏ ਉਥੋਂ ਬਾਹਰ ਦੀ ਸਾਰੀ ਝਾਕੀ ਨਜ਼ਰ ਆਉਂਦੀ ਸੀ । ਸਾਹਿਬਾਂ ਨੇ ਦੇਖਿਆ ਕਿ ਹਾਥੀ ਦੇ ਪਿਛੇ ਪਿਛੇ ਭਾਤ ਖਾਣੇ ਪਹਾੜੀਏ ਹਨ ਜੋ ਆਪਣੇ ਆਪ ਨੂੰ ਹਿੰਦੂ ਅਖਵਾਉਂਦੇ ਹਨ ਤੇ ਉਸ ਗੁਰ ਗੱਦੀ ਤੇ ਚੜ੍ਹਾਈ ਕਰਕੇ ਆਏ ਹਨ ਜਿਸ ਗੁਰ ਗੱਦੀ ਦੇ ਨਾਵੇਂ ਪਾਤਿਸ਼ਾਹ ਨੇ ਹਿੰਦੂ ਧਰਮ, ਸਭਿਅਤਾ ਤੇ ਹਿੰਦੂਆਂ ਦੀ ਇੱਜ਼ਤ ਵਾਸਤੇ ਆਪਣੇ ਆਪ ਦਾ ਬਲੀਦਾਨ ਦਿੱਤਾ ਸੀ ਉਹ ਬੜੇ ਜੋਸ਼ ਨਾਲ ਆ ਰਹੇ ਸਨ । ਦੁਸ਼ਮਣਾਂ ਦਾ ਨੇੜੇ ਆਉਣਾ ਦੇਖਕੇ ਸਤਿਗੁਰੂ ਜੀ ਨੇ ਭਾਈ ਬਚਿਤ੍ਰ ਸਿੰਘ ਤੇ ਹੋਰ ਸਿੰਘਾਂ ਨੂੰ ਤਿਆਰ ਕੀਤਾ । ਭਾਈ ਬਚਿਤ੍ਰ ਸਿੰਘ ਦੀ ਪਿੱਠ ਤੇ ਥਾਪਣਾ ਦੇ ਕੇ ਸਤਿਗੁਰੂ ਜੀ ਨੇ ਅਮਰ ਸ਼ਕਤੀ ਬਖਸ਼ੀ, ਉਹ ਸ਼ਕਤੀ ਜੋ ਕਦੀ ਹਨੂੰਮਾਨ ਨੂੰ ਲੰਕਾ ਵੱਲ ਤੁਰਦਿਆਂ ਹੋਇਆਂ ਰਾਮ ਚੰਦਰ ਜੀ ਪਾਸੋਂ ਪ੍ਰਾਪਤ ਹੋਈ ਸੀ ਸਤਿਗੁਰਾਂ ਦੀ ਥਾਪਣਾ ਦੇ ਪਿਛੋਂ ਭਾਈ ਬਚਿਤ੍ਰ ਸਿੰਘ ਅੰਦਰ ਮਹਾਂ ਸ਼ਕਤੀ ਆ ਗਈ । ਉਹ ਆਪਣੇ ਪੈਰਾਂ ਨਾਲ ਧਰਤੀ ਨੂੰ ਕੰਬਾਉਣ ਲੱਗਾ । ਕਿਲ੍ਹੇ ਦਾ ਦਰਵਾਜ਼ਾ ਖੁਲ੍ਹਿਆ । ਭਾਈ ਬਚਿਤ੍ਰ ਸਿੰਘ ‘ਸਤਿ ਸ੍ਰੀ ਅਕਾਲ’ ਦੇ ਜੈਕਾਰੇ ਗਜਾਉਂਦਾ ਹੋਇਆ ਕਿਲ੍ਹੇ ਅੰਦਰੋਂ ਬਾਹਰ ਆਇਆ । ਹਿਰਨ ਦੀ ਤਰ੍ਹਾਂ ਚੁੰਗੀਆਂ ਲਾਉਂਦਾ ਹੋਇਆ ਅਗੇ ਵਧਿਆ ਤਾਂ ਕਿ ਹਾਥੀ ਅਤੇ ਦੁਸ਼ਮਣਾਂ ਨੂੰ ਕਿਲ੍ਹੇ ਦੇ ਦਰਵਾਜ਼ੇ ਤੋਂ ਦੂਰ ਹੀ ਰੋਕ ਦਿੱਤਾ ਜਾਵੇ । ਕੇਸਰੀ ਸਿੰਘ ਦਾ ਮਸਤ ਹਾਥੀ ਅੰਨ੍ਹੇਵਾਹ ਆ ਰਿਹਾ ਸੀ । ਪਹਾੜੀ ਸੈਨਾ ‘ਜੈ ਦੇਵਾ’ ਆਖਦੀ ਹੋਈ ਇਕ ਦਰਿਆ ਦੇ ਹੜ ਵਾਂਗ ਅਗੇ ਵਧੀ ਆ ਰਹੀ ਸੀ । ਸਤਿਗੁਰੂ ਜੀ ਦਾ ਸ਼ਰਧਾਲੂ ਬਲੀ ਸੂਰਮਾ ਬਚਿਤ੍ਰ ਸਿੰਘ ਬਰਛੇ ਨੂੰ ਸੰਭਾਲਦਾ ਤੇ ਹਾਥੀ ਦੇ ਮੱਥੇ ਵੱਲ ਸਿੱਧਾ ਕਰਦਾ ਹੋਇਆ ਅਗੇ ਹੋਇਆ । ਭਾਵੇਂ ਹਾਥੀ ਦੇ ਮੱਥੇ ਅਗੇ ਮੋਟੇ ਲੋਹੇ ਦੇ ਤਵੇ ਬੰਨ੍ਹੇ ਹੋਏ ਸਨ ਫਿਰ ਵੀ ਬਚਿਤ੍ਰ ਸਿੰਘ ਨੇ ਐਸਾ ਵਾਰ ਕੀਤਾ ਕਿ ਬਰਛਾ ਲੋਹੇ ਦੇ ਤਵਿਆਂ ਨੂੰ ਚੀਰਦਾ ਹੋਇਆ ਅਗੇ ਲੰਘ ਗਿਆ। ਜਿਉਂ ਹੀ ਬਰਛਾ ਵੱਜਾ ਤਿਉਂ ਹੀ ਹਾਥੀ ਦੀ ਸ਼ਰਾਬ ਲੱਥ ਗਈ ਤੇ ਬਰਛੇ ਵੱਜਣ ਦੀ ਪੀੜ ਨੇ ਉਸਨੂੰ ਵਿਆਕੁਲ ਕਰ ਦਿੱਤਾ ਐਸਾ ਵਿਆਕੁਲ ਕੀਤਾ ਕਿ ਹੋਸ਼ ਨਾ ਰਹੀ, ਉਹ ਚੀਕਾਂ ਮਾਰਦਾ ਹੋਇਆ ਅਗੇ ਜਾਨ ਦੀ ਥਾਂ ਪਿਛੇ ਨੂੰ ਮੁੜਿਆ। ਉਹ ਨਸ਼ੇ ਨਾਲ ਪਾਗਲ ਸੀ ਉਹ ਸੱਟ ਖਾ ਕੇ ਕਹਿਰ ਨਾਲ ਪਿਛੇ ਮੁੜਿਆ ਤੇ ਪਹਾੜੀਆਂ ਨੂੰ ਲਿੱਤੜ ਲਿੱਤੜ ਤੇ ਚੁੱਕ ਚੁੱਕ ਕੇ ਮਾਰਨ ਲੱਗਾ । ਜਦੋਂ ਹਾਥੀ ਨੇ ਇਸ ਤਰ੍ਹਾਂ ਆਪਣਿਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਤਾਂ ਸਿੰਘਾਂ ਨੂੰ ਸੁਨਹਿਰੀ ਮੌਕਾ ਮਿਲ ਗਿਆ ਉਹਨਾਂ ਨੇ ਜੋਸ਼ ਨਾਲ ਪਹਾੜੀਆਂ ਉਤੇ ਹਮਲਾ ਕਰ ਦਿੱਤਾ। ਐਸੀ ਕਟਾ ਵੱਢ ਕੀਤੀ ਕਿ ਪਹਾੜੀਏ ਸਨਮੁਖ ਹੋ ਕੇ ਲੜਨ ਦੀ ਥਾਂ ਪਿਛੇ ਨੂੰ ਨੱਠ ਉਠੇ । ਗਿੱਦੜਾਂ ਵਾਂਗੂ ਨੱਠੇ ਜਾਂਦੇ ਪਹਾੜੀਆਂ ਨੂੰ ਸਿੰਘ ਸੂਰਮੇ ਗਾਜਰ ਮੂਲੀਆਂ ਦੀ ਤਰ੍ਹਾਂ ਕੱਟਣ ਲੱਗੇ । ਲੋਥ ਤੇ ਲੋਥ ਚੜ੍ਹ ਗਈ, ਕਈ ਜ਼ਖਮੀ ਹੋ ਕੇ ਧਰਤੀ ਤੇ ਡਿੱਗੇ ਸੂਰਮਿਆਂ ਦੇ ਘੋੜਿਆਂ ਦੇ ਸੁੰਮਾਂ ਹੇਠ ਨੱਪੀਦੇ ਹੀ ਮਰਨ ਲੱਗੇ । ਭਾਈ ਸੇਵਾ ਸਿੰਘ, ਟਹਿਲ ਸਿੰਘ ਤੇ ਉਦੈ ਸਿੰਘ ਨੇ ਬਹੁਤ ਬਹਾਦਰੀ ਦਿਖਾਈ । ਸਾਹਿਬਜ਼ਾਦਾ ਅਜੀਤ ਸਿੰਘ ਤਾਂ ਦੁਸ਼ਮਣਾਂ ਦੇ ਪਿਛੇ ਕਈ ਕੋਹ ਤੱਕ ਚਲੇ ਗਏ । ਘੋੜਾ ਮਾਰਿਆ ਗਿਆ ਤੇ ਉਹ ਬਹੁਤ ਹੀ ਅਕਲ ਤੇ ਬਹਾਦਰੀ ਨਾਲ ਦੁਸ਼ਮਣਾਂ ਕੋਲੋਂ ਬਚੇ । 6 ਪਹਾੜੀਏ ਬੜੀਆਂ ਸ਼ੇਖੀਆਂ ਨਾਲ ਸਤਿਗੁਰੂ ਜੀ ਵਲ ਆਏ ਸਨ । ਪਰ ਅਕਾਲ ਪੁਰਖ ਨੇ ਹੰਕਾਰੀਆਂ ਤੇ ਜ਼ਾਲਮਾਂ ਦੇ ਸਿਰ ਨੀਵੇਂ ਕੀਤੇ । ਉਹ ਸਨਮੁਖ ਹੋ ਕੇ ਲੜ ਵੀ ਨਾ ਸਕੇ । ਜਿਹੜਾ ਕੇਸਰੀ ਸਿੰਘ ਗੁਰੂ ਸਾਹਿਬ ਨੂੰ ਫੜਨ ਵਾਸਤੇ ਆਇਆ ਸੀ ਅਤੇ ਜਿਸ ਨੇ ਜ਼ਬਾਨੀ ਜਮੀਨ ਅਸਮਾਨ ਮਿਲਾ ਦਿੱਤੇ ਸਨ, ਉਹ ਭਾਈ ਬਚਿਤ੍ਰ ਸਿੰਘ ਤੇ ਆਲਮ ਸਿੰਘ ਦੇ ਸਨਮੁਖ ਹੋ ਕੇ ਲੜ ਨਾ ਸਕਿਆ ਦੋ ਹੱਥ ਕਰਨ ਤੋਂ ਪਹਿਲਾਂ ਹੀ ਹੰਕਾਰੀ ਪੁਰਸ਼ ਮਾਰਿਆ ਗਿਆ। ਉਸ ਦੇ ਮਰਨ ਸਾਰ ਪਹਾੜੀਏ ਦਿਲ ਛੱਡਕੇ ਪਿਛੇ ਨੂੰ ਨੱਠ ਉਠੇ । ਉਹਨਾਂ ਨੱਠੇ ਜਾਂਦਿਆਂ ਨੂੰ ਸਿੰਘਾਂ ਨੇ ਮਿਲ ਮਿਲ ਕੇ ਮਾਰਿਆ । ਜੇਹੜੇ ਬਚੇ ਉਹ ਕਹਿਲੂਰ ਦੀਆਂ ਪਹਾੜੀਆਂ ਵਿਚ ਜਾ ਲੁਕੇ । ਇਹ ਲੜਾਈ ਵੀ ਉਹਨਾਂ ਨੂੰ ਹਾਰਨੀ ਪਈ । ਅਕਾਲ ਪੁਰਖ ਨੇ ਸਿੰਘਾਂ ਨੂੰ ਫਤਹ ਬਖਸ਼ੀ, ਇਸ ਲੜਾਈ ਵਿਚ ਪਹਾੜੀਆਂ ਦਾ ਬਹੁਤ ਨੁਕਸਾਨ ਹੋਇਆ, ਹਥਿਆਰ ਤੇ ਘੋੜੇ ਸਿੰਘਾਂ ਦੇ ਬਹੁਤ ਹੱਥ ਆਏ। ਪਹਾੜੀਆਂ ਦੇ ਨੱਸ ਜਾਣ ਪਿਛੋਂ ਸਤਿਗੁਰੂ ਜੀ ਦੇ ਸਿੰਘ ਉਨ੍ਹਾਂ ਦਾ ਸਾਮਾਨ ਲੈ ਕੇ ਕਿਲ੍ਹਾ ਲੋਹਗੜ੍ਹ ਵਿਚ ਜਾ ਦਾਖਲ ਹੋਏ । ਮੁਖੀ ਸਿੱਖਾਂ ਨੇ ਸਾਹਿਬਾਂ ਨੂੰ ਜੰਗ ਦਾ ਸਾਰਾ ਹਾਲ ਦਸਿਆ ਜਿਸਨੂੰ ਸੁਣਕੇ ਸਾਹਿਬ ਪ੍ਰਸੰਨ ਹੋਏ ਤੇ ਅਕਾਲ ਪੁਰਖ ਦਾ ਧੰਨਵਾਦ ਕਰਦਿਆਂ ਹੋਇਆਂ ਇਉਂ ਬਚਨ ਕੀਤੇ-ਦੁਸਟ ਰੰਜਨ ਸੱਤ੍ਰ ਭੰਜਨ ਪਰਮ ਪੁਰਖੁ ਪ੍ਰਮਾਥ ॥
ਦੁਸਟ ਹਰਤਾ ਸ੍ਰਿਸਟ ਕਰਤਾ ਜਗਤ ਮੈ ਜਿਹ ਗਾਥ॥ ਭੂਤ ਭਬਿ ਭਵਿੱਖ ਭਵਾਨ ਪ੍ਰਮਾਨ ਦੇਵ ਅਗੰਜ॥ ਆਦਿ ਅੰਤ ਅਨਾਦਿ ਸ੍ਰੀ ਪਤਿ ਪਰਮ ਪੁਰਖ ਅਭੰਜ ॥੧੨॥੧੯੨॥ (ਅਕਾਲ ਉਸਤਤ)ਘਮੰਡੀ ਤੇ ਦੁਸ਼ਟ ਕੇਸਰੀ ਸਿੰਘ ਦਾ ਸਿਰ ਜੋ ਉਦੈ ਸਿੰਘ ਮੈਦਾਨਿ-ਜੰਗ ਵਿਚੋਂ ਲੈ ਆਇਆ ਸੀ, ਪਹਾੜੀਆਂ ਨੂੰ ਵਾਪਸ ਕਰ ਦਿੱਤਾ । ਇਸ ਯੁੱਧ ਨੇ ਪਹਾੜ ਦੇ ਹਰ ਘਰ ਵਿਚ ਸਿਆਪੇ ਪਾ ਦਿੱਤੇ ਪਹਾੜੀਆਂ ਦੀਆਂ ਬਹੁਤ ਮੌਤਾਂ ਹੋ ਗਈਆਂ ਸਨ ।

Leave a Reply

Your email address will not be published. Required fields are marked *

error: Content is protected !!